(ਪੱਤਰਕਾਰ ਦਲਵੀਰ ਸਿੰਘ ਕੂਨਰ)
Thank you for reading this post, don't forget to subscribe!ਅੱਜ ਮਿਤੀ 06-02-2026 ਨੂੰ ਜਲੰਧਰ ਜ਼ਿਲ੍ਹੇ ਦੇ ਫਿਲੌਰ ਹਲਕੇ ਅਧੀਨ ਪੈਂਦੇ ਪਿੰਡ ਸੇਲਕਿਆਣੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਇਕ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿੱਚ ਸ. ਖੁਸ਼ਇੰਦਰ ਸਿੰਘ ਜੰਡ (ਜੰਡਸਿੰਘ ਵਾਲੇ), ਸ. ਜੁਝਾਰ ਸਿੰਘ (BKU ਖੋਸਾ), ਲੋਕ ਇਨਸਾਫ਼ ਮੰਚ ਤੋਂ ਜਰਨੈਲ ਸਿੰਘ ਫਿਲੌਰ, ਸ. ਦਵਿੰਦਰ ਸਿੰਘ ਸੰਗੋਵਾਲ (ਮਿਸਲ ਸਤਲੁਜ ਨਕੋਦਰ), BKU ਦੁਆਬਾ ਤੋਂ ਸ. ਸੁਰਜੀਤ ਸਿੰਘ ਮੌ-ਸਾਹਿਬ, ਸ. ਨਰਿੰਦਰ ਸਿੰਘ ਰਾਏਪੁਰ ਰਾਈਆਂ, ਪਿੰਡ ਸੇਲਕਿਆਣੇ ਦੇ ਵਾਸੀ ਅਤੇ ਗੁਰਮੁਖ ਸਿੰਘ ਸੇਲਕਿਆਣਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।
ਇਹ ਇਕੱਠ ਪਿੰਡ ਸੇਲਕਿਆਣੇ ਵਿੱਚੋਂ ਲੰਘਦੇ ਸਤਲੁਜ ਦਰਿਆ ਵਿੱਚ ਵੱਡੇ ਪੱਧਰ ‘ਤੇ ਚੱਲ ਰਹੀ ਨਜਾਇਜ਼ ਰੇਤ ਮਾਈਨਿੰਗ ਨੂੰ ਪੱਕੇ ਤੌਰ ‘ਤੇ ਬੰਦ ਕਰਵਾਉਣ ਲਈ ਕੀਤਾ ਗਿਆ। ਇਕੱਠ ਦੌਰਾਨ ਦੱਸਿਆ ਗਿਆ ਕਿ ਰੇਤ ਮਾਈਨਿੰਗ ਦੇ ਨਾਲ-ਨਾਲ ਓਵਰਲੋਡ ਟਿੱਪਰਾਂ ਨੂੰ ਜ਼ਬਰਦਸਤੀ ਪਿੰਡ ਵਿੱਚੋਂ ਲੰਘਾਇਆ ਜਾ ਰਿਹਾ ਹੈ, ਜੋ ਕਿ ਕਾਨੂੰਨ ਦੇ ਖ਼ਿਲਾਫ਼ ਹੈ ਅਤੇ ਪਿੰਡ ਵਾਸੀਆਂ ਦੀ ਜਾਨ-ਮਾਲ ਲਈ ਖ਼ਤਰਾ ਬਣਿਆ ਹੋਇਆ ਹੈ।
ਮੌਕੇ ‘ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੱਦਿਆ ਗਿਆ। ਜਦੋਂ ਸ. ਖੁਸ਼ਇੰਦਰ ਸਿੰਘ ਜੰਡ ਵੱਲੋਂ ਪੁੱਛੇ ਗਏ ਸਵਾਲਾਂ ਦੇ ਉਨ੍ਹਾਂ ਕੋਲ ਕੋਈ ਢੁੱਕਵਾਂ ਜਵਾਬ ਨਾ ਸੀ, ਤਾਂ ਅਧਿਕਾਰੀ ਵੱਖ-ਵੱਖ ਬਹਾਨੇ ਬਣਾਉਂਦੇ ਨਜ਼ਰ ਆਏ। ਪ੍ਰਸ਼ਾਸਨ ਵੱਲੋਂ ਇਹ ਵੀ ਸਾਹਮਣੇ ਆਇਆ ਕਿ ਸੇਲਕਿਆਣੇ ਵਿੱਚ ਚੱਲ ਰਹੀ ਰੇਤ ਖੱਡ ਲੁਧਿਆਣਾ ਪਾਸੇ ਮਨਜ਼ੂਰ ਦੱਸੀ ਜਾ ਰਹੀ ਹੈ, ਪਰ ਜਦੋਂ ਪੁੱਛਿਆ ਗਿਆ ਕਿ ਫਿਰ ਜਲੰਧਰ ਪਾਸੇ ਤੋਂ ਰੇਤ ਕਿਉਂ ਚੱਕੀ ਜਾ ਰਹੀ ਹੈ, ਤਾਂ ਇਸਦਾ ਵੀ ਕੋਈ ਜਵਾਬ ਨਹੀਂ ਦਿੱਤਾ ਜਾ ਸਕਿਆ।
ਸਰਵੇ ਅਤੇ ਮੌਕੇ ਦੀ ਜਾਂਚ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ ਰੇਤ ਮਾਈਨਿੰਗ ਗਲਤ ਅਤੇ ਨਿਯਮਾਂ ਦੇ ਉਲਟ ਕੀਤੀ ਜਾ ਰਹੀ ਹੈ, ਜਿਸਦਾ ਸਾਰੀਆਂ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ।
ਸਭ ਦੀ ਸਲਾਹ ਨਾਲ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ 6-7 ਦਿਨਾਂ ਵਿੱਚ ਲੁਧਿਆਣਾ ਅਤੇ ਜਲੰਧਰ ਮਾਈਨਿੰਗ ਵਿਭਾਗ ਸੇਲਕਿਆਣੇ ਸਤਲੁਜ ਦਰਿਆ ਵਿੱਚ ਚੱਲ ਰਹੀ ਰੇਤ ਮਾਈਨਿੰਗ ਦੀ ਪੂਰੀ ਜਾਣਕਾਰੀ ਲੈ ਕੇ ਲੋਕਾਂ ਨਾਲ ਬੈਠਕ ਕਰਨ। ਜੇਕਰ ਨਿਰਧਾਰਤ ਸਮੇਂ ਅੰਦਰ ਪ੍ਰਸ਼ਾਸਨ ਵੱਲੋਂ ਕੋਈ ਢੁੱਕਵੀ ਜਾਣਕਾਰੀ ਨਾ ਦਿੱਤੀ ਗਈ, ਤਾਂ ਅਗਲੀ ਕਾਰਵਾਈ ਵਜੋਂ ਨੈਸ਼ਨਲ ਹਾਈਵੇ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।











