ਜਲੰਧਰ (ਫਿਲੌਰ):
Thank you for reading this post, don't forget to subscribe!ਜ਼ਿਲ੍ਹਾ ਜਲੰਧਰ ਦੇ ਪਿੰਡ ਜਨਤਾ ਨਗਰ, ਤਹਿਸੀਲ ਫਿਲੌਰ, ਬਲਾਕ ਨੂਰਮਹਿਲ ਵਿੱਚ ਕੇਂਦਰ ਸਰਕਾਰ ਦੀ 15ਵੀਂ ਵਿੱਤ ਕਮਿਸ਼ਨ ਸਕੀਮ ਅਧੀਨ ਚੱਲ ਰਹੀ ਪਾਣੀ ਸਪਲਾਈ ਯੋਜਨਾ ਵਿੱਚ ਵੱਡੇ ਪੱਧਰ ’ਤੇ ਗੜਬੜ ਦੇ ਦੋਸ਼ ਸਾਹਮਣੇ ਆਏ ਹਨ। ਪਿੰਡ ਵਾਸੀਆਂ ਅਨੁਸਾਰ ਸਕੀਮ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਇੱਕ-ਇੱਕ ਘਰ ਵਿੱਚ ਦੋ-ਦੋ ਨਜਾਇਜ਼ ਮੋਟਰਾਂ ਲਗਾਈਆਂ ਜਾ ਰਹੀਆਂ ਹਨ।
ਇਲਜ਼ਾਮ ਹੈ ਕਿ ਇਹ ਸਾਰਾ ਕੰਮ ਸਰਪੰਚ ਅਤੇ ਕੁਝ ਪੰਚ ਮੈਂਬਰਾਂ ਦੀ ਮਿਲੀਭਗਤ ਨਾਲ ਕੀਤਾ ਜਾ ਰਿਹਾ ਹੈ। ਇਸ ਗੜਬੜ ਨਾਲ ਸੰਬੰਧਿਤ ਵੀਡੀਓ ਸਬੂਤ ਵੀ ਮੌਜੂਦ ਹਨ। ਪੱਤਰਕਾਰਾਂ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫ਼ੋਨ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਕੋਈ ਅਧਿਕਾਰਿਕ ਬਿਆਨ ਦਿੱਤਾ ਗਿਆ।
ਇਸੇ ਤਰ੍ਹਾਂ ਬਲਾਕ ਨੂਰਮਹਿਲ ਦੇ ਪੰਚਾਇਤ ਸਕੱਤਰ ਅਮਨ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਨਾ ਫ਼ੋਨ ਚੁੱਕਿਆ ਗਿਆ ਅਤੇ ਨਾ ਹੀ ਪੱਤਰਕਾਰਾਂ ਜਾਂ ਪਿੰਡ ਵਾਸੀਆਂ ਨਾਲ ਕੋਈ ਗੱਲਬਾਤ ਕੀਤੀ ਗਈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜਦੋਂ ਗੜਬੜ ਬਾਰੇ ਸਵਾਲ ਕੀਤੇ ਗਏ ਤਾਂ ਪੰਚਾਇਤ ਵੱਲੋਂ ਕਿਹਾ ਗਿਆ ਕਿ “ਜੋ ਕਰਨਾ ਕਰ ਲਓ, ਅਸੀਂ ਤਾਂ ਇਸੇ ਤਰ੍ਹਾਂ ਹੀ ਮੋਟਰਾਂ ਲਗਾਵਾਂਗੇ।” ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਪਿੰਡ ਵਿੱਚੋਂ ਬੇਦਖਲ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਧਿਆਨਯੋਗ ਹੈ ਕਿ ਪਿੰਡ ਦੇ ਦੋ ਪੱਤਰਕਾਰ ਖੁਦ ਜਨਤਾ ਨਗਰ ਦੇ ਵਸਨੀਕ ਹਨ।
ਇਸ ਮਾਮਲੇ ਵਿੱਚ ਪੰਚਾਇਤ ਦੇ ਮੈਂਬਰ ਨਿਰਮਲ ਪੰਚ, ਰਣਜੀਤ ਕੌਰ ਪੰਚ, ਬੇਵੀ ਪੰਚ, ਗੁਰਬਸ਼ ਕੌਰ ਪੰਚ, ਸਰਪੰਚ ਦੇ ਪਤੀ ਕੁਲਦੀਪ ਸਿੰਘ ਅਤੇ ਲੰਬੜਦਾਰ ਹਰਨੇਕ ਸਿੰਘ ਸਮੇਤ ਹੋਰ ਸਬੰਧਤ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਦੀ ਮੰਗ ਕੀਤੀ ਗਈ ਹੈ।
ਪਿੰਡ ਵਾਸੀਆਂ ਨੇ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਨੂੰ ਅਪੀਲ ਕੀਤੀ ਹੈ ਕਿ ਇਸ ਗੰਭੀਰ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕੇਂਦਰ ਸਰਕਾਰ ਦੇ ਫੰਡਾਂ ਦੀ ਗਲਤ ਵਰਤੋਂ ਨੂੰ ਰੋਕਿਆ ਜਾਵੇ।
— ਜਲੰਧਰ ਬਿਊਰੋ ਚੀਫ਼: ਦਲਵੀਰ ਸਿੰਘ ਕੂਨਰ











