ਚੰਡੀਗੜ੍ਹ/ਪੰਜਾਬ:(ਪੱਤਰਕਾਰ ਦਲਵੀਰ ਸਿੰਘ ਕੂਨਰ)
Thank you for reading this post, don't forget to subscribe!
ਬਿਜਲੀ ਸੋਧ ਬਿੱਲ 2025 ਨੇ ਕਿਸਾਨਾਂ, ਮਜ਼ਦੂਰਾਂ, ਬਿਜਲੀ ਮੁਲਾਜ਼ਮਾਂ ਅਤੇ ਆਮ ਖਪਤਕਾਰਾਂ ਵਿੱਚ ਭਾਰੀ ਚਿੰਤਾ ਪੈਦਾ ਕਰ ਦਿੱਤੀ ਹੈ। ਸਮਾਰਟ ਮੀਟਰਾਂ ਅਤੇ ਨਿੱਜੀਕਰਨ ਦੇ ਮੁੱਦੇ ’ਤੇ ਪਹਿਲਾਂ ਆਹਮਣੇ-ਸਾਹਮਣੇ ਰਹੇ ਕਿਸਾਨ ਜਥੇਬੰਦੀਆਂ ਅਤੇ ਬਿਜਲੀ ਮੁਲਾਜ਼ਮ ਹੁਣ ਇਸ ਬਿੱਲ ਦੇ ਵਿਰੋਧ ਵਿੱਚ ਇਕੱਠੇ ਹੋ ਕੇ ਮੈਦਾਨ ਵਿੱਚ ਨਿੱਤਰਣ ਦੀ ਤਿਆਰੀ ਕਰ ਰਹੇ ਹਨ।
ਬਿੱਲ ਦੇ ਮਾਹਿਰਾਂ ਅਨੁਸਾਰ ਕੇਂਦਰ ਸਰਕਾਰ ਬਿਜਲੀ ਨੂੰ ਪੂਰੀ ਤਰ੍ਹਾਂ ਬਜ਼ਾਰੂ ਵਸਤੂ ਬਣਾਉਣ ਵੱਲ ਵਧ ਰਹੀ ਹੈ। ਪ੍ਰੀਪੇਡ ਸਮਾਰਟ ਮੀਟਰਾਂ ਦੇ ਜ਼ਰੀਏ ਇਹ ਸਪਸ਼ਟ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜੇ ਪੈਸਾ ਹੈ ਤਾਂ ਬਿਜਲੀ, ਨਹੀਂ ਤਾਂ ਹਨੇਰਾ। ਇਹ ਨੀਤੀ ਬਿਜਲੀ ਨੂੰ ਸਰਕਾਰੀ ਜ਼ਿੰਮੇਵਾਰੀ ਦੀ ਥਾਂ ਨਿੱਜੀ ਲਾਭ ਦਾ ਸਾਧਨ ਬਣਾਉਂਦੀ ਹੈ।
ਕਰਾਸ ਸਬਸਿਡੀ ’ਤੇ ਵਾਰ
1948 ਦੇ ਬਿਜਲੀ ਕਾਨੂੰਨ ਅਧੀਨ ਘਰੇਲੂ ਅਤੇ ਵਪਾਰਕ ਖਪਤਕਾਰਾਂ ਵਿਚ ਕਰਾਸ ਸਬਸਿਡੀ ਦੀ ਵਿਵਸਥਾ ਸੀ, ਜਿਸ ਨਾਲ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲਦੀ ਸੀ। ਪਰ ਬਿਜਲੀ ਐਕਟ 2003 ਤੋਂ ਬਾਅਦ ਨਿੱਜੀ ਕੰਪਨੀਆਂ ਨੂੰ ਖੇਤਰ ਵਿੱਚ ਦਾਖ਼ਲਾ ਮਿਲਿਆ ਅਤੇ ਹੁਣ 2025 ਦਾ ਬਿੱਲ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ।
ਇੱਕ ਖੇਤਰ, ਕਈ ਡਿਸਟ੍ਰਿਬਿਊਟਰ
ਸੈਕਸ਼ਨ 14 ਅਧੀਨ ਇੱਕੋ ਖੇਤਰ ਵਿੱਚ ਕਈ ਨਿੱਜੀ ਕੰਪਨੀਆਂ ਬਿਜਲੀ ਵੇਚ ਸਕਣਗੀਆਂ, ਉਹ ਵੀ ਸਰਕਾਰੀ ਢਾਂਚਾ ਵਰਤ ਕੇ। ਇਸ ਨਾਲ ਸਰਕਾਰੀ ਵੰਡ ਪ੍ਰਣਾਲੀ ਕਮਜ਼ੋਰ ਹੋਵੇਗੀ ਅਤੇ ਨਫ਼ੇ ਵਾਲੇ ਗਾਹਕ ਨਿੱਜੀ ਕੰਪਨੀਆਂ ਵੱਲ ਚਲੇ ਜਾਣਗੇ, ਜਦਕਿ ਆਮ ਲੋਕ ਮਹਿੰਗੀ ਬਿਜਲੀ ਦੇ ਬੋਝ ਹੇਠ ਰਹਿਣਗੇ।
ਯੂਨੀਵਰਸਲ ਸਰਵਿਸ ਓਬਲੀਗੇਸ਼ਨ ਤੋਂ ਛੋਟ
ਧਾਰਾ 43 ਹੇਠ ਵੱਡੇ ਖਪਤਕਾਰਾਂ ਨੂੰ ਖੁੱਲ੍ਹੀ ਮੰਡੀ ਤੋਂ ਬਿਜਲੀ ਲੈਣ ਦੀ ਛੂਟ ਦਿੱਤੀ ਜਾ ਰਹੀ ਹੈ। ਇਸ ਨਾਲ ਬਿਜਲੀ “ਆਮ” ਅਤੇ “ਖਾਸ” ਵਿੱਚ ਵੰਡ ਜਾਵੇਗੀ। ਸੰਕਟ ਸਮੇਂ ਪਹਿਲਾਂ ਵੱਡੇ ਉਦਯੋਗ ਬਚਾਏ ਜਾਣਗੇ ਅਤੇ ਆਮ ਲੋਕ ਉਡੀਕਦੇ ਰਹਿਣਗੇ।
ਬਿਜਲੀ ਮਹਿੰਗੀ, ਨੌਕਰੀਆਂ ਖ਼ਤਮ
ਧਾਰਾ 61 ਅਤੇ 64 ਮੁਤਾਬਕ ਬਿਜਲੀ ਦੀ ਕੀਮਤ “ਲਾਗਤ ਅਨੁਸਾਰ” ਤੈਅ ਹੋਵੇਗੀ ਅਤੇ ਹਰ ਸਾਲ ਵਧੇਗੀ। ਕੁਦਰਤੀ ਆਫ਼ਤਾਂ ਜਾਂ ਟੁੱਟ-ਭੱਜ ਦਾ ਖਰਚਾ ਵੀ ਗਾਹਕ ਤੋਂ ਵਸੂਲਿਆ ਜਾਵੇਗਾ। ਵੰਡ ਖੇਤਰ ਨਿੱਜੀ ਹੱਥਾਂ ’ਚ ਜਾਣ ਨਾਲ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਹਨ।
ਕੇਂਦਰੀਕਰਨ ਅਤੇ ਲੋਕੀ ਜਾਇਦਾਦ ’ਤੇ ਕਬਜ਼ਾ
ਨਵੇਂ ਬਿੱਲ ਰਾਹੀਂ ਬਿਜਲੀ ਖੇਤਰ ਦਾ ਪੂਰਾ ਕੰਟਰੋਲ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ, ਜਿਸ ਨਾਲ ਸੂਬਿਆਂ ਦੇ ਅਧਿਕਾਰ ਕਮਜ਼ੋਰ ਹੋਣਗੇ। ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਲੋਕਾਂ ਦੇ ਟੈਕਸਾਂ ਅਤੇ ਪੰਚਾਇਤੀ ਜ਼ਮੀਨਾਂ ’ਤੇ ਬਣਿਆ ਬਿਜਲੀ ਢਾਂਚਾ ਹੁਣ ਕਾਰਪੋਰੇਟ ਹੱਥਾਂ ਵਿੱਚ ਜਾਣ ਦਾ ਖ਼ਤਰਾ ਹੈ।
ਸੰਘਰਸ਼ ਦੀ ਅਪੀਲ
ਮਾਹਿਰਾਂ ਅਤੇ ਜਨਤਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਬਿਜਲੀ ਸੋਧ ਬਿੱਲ 2025 ਸਿਰਫ ਕਿਸਾਨਾਂ ਜਾਂ ਮੁਲਾਜ਼ਮਾਂ ਦਾ ਨਹੀਂ, ਸਗੋਂ ਹਰ ਉਸ ਵਿਅਕਤੀ ਦਾ ਮੁੱਦਾ ਹੈ ਜੋ ਜੀਊਣ ਲਈ ਬਿਜਲੀ ਵਰਤਦਾ ਹੈ। ਇਸ ਲਈ ਲੋਕਾਂ ਨੂੰ ਇਕੱਠੇ ਹੋ ਕੇ ਇਸ ਬਿੱਲ ਦੇ ਵਿਰੋਧ ਵਿੱਚ ਮੈਦਾਨ ਵਿੱਚ ਉਤਰਨਾ ਹੋਵੇਗਾ, ਤਾਂ ਜੋ ਉਜਾਲਾ ਹਨੇਰੇ ਵਿੱਚ ਨਾ ਬਦਲੇ। 💡✊











