ਪੰਜਾਬ ਮੀਡੀਆ ਇੰਚਾਰਜ ਦਲਵੀਰ ਸਿੰਘ ਕੂਨਰ)
Thank you for reading this post, don't forget to subscribe!
ਬਹਿਰਾਮ (ਵਿਧਾਨ ਸਭਾ ਬੰਗਾ), ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ:
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਇੱਕ ਅਹਿਮ ਦੁਆਬਾ ਪੱਧਰੀ ਮੀਟਿੰਗ ਅੱਜ ਬਹਿਰਾਮ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਇੰਚਾਰਜ ਚੰਡੀਗੜ੍ਹ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਆਗੂਆਂ ਦੀ ਹਾਜ਼ਰੀ ਦੇਖਣ ਨੂੰ ਮਿਲੀ।
ਇਸ ਮੌਕੇ ਡਾ. ਕਰੀਮਪੁਰੀ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ 15 ਮਾਰਚ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਮੌਕੇ ਬਹਿਰਾਮ ਦੀ ਦਾਣਾ ਮੰਡੀ ਗਰਾਊਂਡ ਵਿੱਚ ਸੂਬਾ ਪੱਧਰੀ “ਸੱਤਾ ਪ੍ਰਾਪਤ ਕਰੋ ਰੈਲੀ” ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਸਾਬਤ ਹੋਵੇਗੀ ਅਤੇ ਬਸਪਾ ਦੇ ਮਿਸ਼ਨ ਨੂੰ ਮਜ਼ਬੂਤੀ ਦੇਵੇਗੀ।
ਪੰਜਾਬ ਦੀ ਤਬਦੀਲੀ ਲਈ ਬਸਪਾ ਦਾ ਸੰਕਲਪ
ਪ੍ਰੈਸ ਨੋਟ ਰਾਹੀਂ ਡਾ. ਕਰੀਮਪੁਰੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਬਸਪਾ ਹੀ ਪੰਜਾਬ ਲਈ ਇਕ ਮਜ਼ਬੂਤ ਅਤੇ ਵਿਕਲਪਕ ਰਾਜਨੀਤਿਕ ਤਾਕਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੀ ਸਰਕਾਰ ਆਉਣ ‘ਤੇ ਸੂਬੇ ਵਿੱਚ ਮਾਫੀਆ ਰਾਜ ਦਾ ਪੂਰਨ ਅੰਤ ਕੀਤਾ ਜਾਵੇਗਾ। ਡਰੱਗ ਮਾਫੀਆ, ਲੈਂਡ ਮਾਫੀਆ ਅਤੇ ਰੇਤ ਮਾਫੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਕਾਨੂੰਨ ਦਾ ਰਾਜ ਕਾਇਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਨਵੀਆਂ ਉਦਯੋਗਿਕ ਨੀਤੀਆਂ ਲਿਆਂਦੀਆਂ ਜਾਣਗੀਆਂ ਅਤੇ ਨੌਜਵਾਨਾਂ ਲਈ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵੱਡੇ ਸੁਧਾਰ ਕਰਦੇ ਹੋਏ ਅਸਲ ਮਾਇਨੇ ਵਿੱਚ “ਸਿੱਖਿਆ ਕ੍ਰਾਂਤੀ” ਅਤੇ “ਸਿਹਤ ਕ੍ਰਾਂਤੀ” ਲਿਆਂਦੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਮਿਆਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
ਕਿਸਾਨਾਂ ਅਤੇ ਮਜ਼ਦੂਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨੀ ਸੰਕਟ ਦਾ ਪੱਕਾ ਹੱਲ ਕੀਤਾ ਜਾਵੇਗਾ ਅਤੇ ਮਜ਼ਦੂਰ ਵਰਗ ਨੂੰ ਆਤਮ-ਨਿਰਭਰ ਬਣਾਉਣ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ 16 ਫੀਸਦੀ ਡੀ.ਏ. ਤੁਰੰਤ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ਗਿਆ।
“ਪੰਜਾਬ ਦਾ ਸੰਕਲਪ, ਬਸਪਾ ਹੀ ਵਿਕਲਪ”
ਡਾ. ਕਰੀਮਪੁਰੀ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ 15 ਮਾਰਚ ਨੂੰ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਿਰਕਤ ਕਰਕੇ ਬਸਪਾ ਦੇ ਹੱਕ ਵਿੱਚ ਮਜ਼ਬੂਤ ਸੰਦੇਸ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਸਪਾ ਸਿਰਫ਼ ਵਾਅਦੇ ਨਹੀਂ ਕਰਦੀ, ਸਗੋਂ ਲੋਕਾਂ ਨੂੰ ਸੱਤਾ ਵਿੱਚ ਹਿੱਸੇਦਾਰ ਬਣਾਉਣ ਅਤੇ ਉਨ੍ਹਾਂ ਦੇ ਹੱਕ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਚੌਧਰੀ ਗੁਰਨਾਮ ਸਿੰਘ, ਤੀਰਥ ਰਾਜਪੁਰਾ, ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਪਰਵੀਨ ਬੰਗਾ, ਠੇਕੇਦਾਰ ਭਗਵਾਨ ਦਾਸ, ਦਿਲਬਾਗ ਚੰਦ ਬਲਾਚੌਰ, ਮਨਿੰਦਰ ਸ਼ੇਰਪੁਰੀ, ਸੁਖਦੇਵ ਬਿੱਟਾ, ਰਕੇਸ਼ ਕੁਮਾਰ, ਜਗਦੀਸ਼ ਸ਼ੇਰਪੁਰੀ, ਸਰਬਜੀਤ ਜਾਫਰਪੁਰ, ਦਲਜੀਤ ਰਾਏ ਅਤੇ ਡਾ. ਜਸਵੰਤ ਸਿੰਘ ਤੋਂ ਇਲਾਵਾ ਵਿਧਾਨ ਸਭਾ ਅਤੇ ਸੈਕਟਰ ਪੱਧਰ ਦੇ ਕਈ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।











