ਪੀ ਐਨ ਪੀ ਬਿਊਰੋ ਚੀਫ ਪੰਜਾਬ ਦਲਵੀਰ ਸਿੰਘ ਕੂਨਰ)
Thank you for reading this post, don't forget to subscribe!
ਜਲੰਧਰ, 2 ਜੂਨ: ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਸੋਧੀ ਹੋਈ ਸਮਾਂ-ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਸੋਧੇ ਗਏ ਪ੍ਰੋਗਰਾਮ ਅਨੁਸਾਰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦਾ ਖਰੜਾ ਹੁਣ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ 3 ਅਗਸਤ ਤੋਂ 2 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਨੋਟਿਸ ਪੜਾਅ ਅਤੇ ਦਾਅਵਿਆਂ-ਇਤਰਾਜ਼ਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ।
ਸ਼੍ਰੀ ਵਾਲੀਆ ਨੇ ਕਿਹਾ ਕਿ ਬਾਕੀ ਸਮਾਂ-ਸਾਰਣੀ 14 ਮਈ 2026 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੀ ਲਾਗੂ ਰਹੇਗੀ। ਇਸ ਤਹਿਤ 15 ਜੂਨ ਤੋਂ 24 ਜੂਨ 2026 ਤੱਕ ਤਿਆਰੀ, ਸਿਖਲਾਈ ਅਤੇ ਛਪਾਈ ਦਾ ਕੰਮ ਕੀਤਾ ਜਾਵੇਗਾ, ਜਦਕਿ 25 ਜੂਨ ਤੋਂ 24 ਜੁਲਾਈ 2026 ਤੱਕ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਘਰ-ਘਰ ਜਾ ਕੇ ਵੋਟਰਾਂ ਤੋਂ ਫਾਰਮ ਭਰਵਾਉਣਗੇ।
ਉਨ੍ਹਾਂ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 16,50,814 ਵੋਟਰਾਂ ਵਿੱਚੋਂ ਐੱਸ.ਆਈ.ਆਰ. ਮੈਪਿੰਗ ਤਹਿਤ 13,44,130 ਵੋਟਰ, ਜੋ ਕਿ ਕੁੱਲ ਦਾ 81.42 ਫੀਸਦੀ ਬਣਦੇ ਹਨ, ਨੂੰ 2003 ਦੀ ਵੋਟਰ ਸੂਚੀ ਨਾਲ ਮੈਪ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ 2003 ਦੀ ਵੋਟਰ ਸੂਚੀ ਨਾਲ ਵੋਟਰਾਂ ਦੀ ਮੈਪਿੰਗ ਦੀ ਵਿਸ਼ੇਸ਼ ਸਹੂਲਤ ਲਈ 7 ਜੂਨ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਦੌਰਾਨ ਬੀ.ਐਲ.ਓ. ਆਪਣੇ-ਆਪਣੇ ਬੂਥਾਂ ‘ਤੇ ਮੌਜੂਦ ਰਹਿਣਗੇ ਅਤੇ ਵੋਟਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ।
ਸ਼੍ਰੀ ਵਾਲੀਆ ਨੇ ਅਪੀਲ ਕੀਤੀ ਕਿ ਜਿਨ੍ਹਾਂ ਵੋਟਰਾਂ ਦੀ ਅਜੇ ਤੱਕ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਹੋਈ, ਉਹ ਆਪਣੇ ਸਬੰਧਤ ਬੀ.ਐਲ.ਓ. ਨਾਲ ਸੰਪਰਕ ਕਰਕੇ ਸਮੇਂ ਸਿਰ ਆਪਣੀ ਮੈਪਿੰਗ ਕਰਵਾਉਣ, ਤਾਂ ਜੋ ਵੋਟਰ ਸੂਚੀ ਦੀ ਸੰਸ਼ੋਧਨ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇ।











