ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ
Thank you for reading this post, don't forget to subscribe!ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਬਿਹਤਰ ਅਤੇ ਸੁਗਮ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬੇ ਭਰ ਵਿੱਚ ਵਿਸ਼ੇਸ਼ ਸਿਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਫਰੀਦਕੋਟ ਡਾ. ਨਵਪ੍ਰੀਤ ਕੋਰ ਦੀ ਅਗਵਾਈ ਹੇਠ ਮਿਤੀ 04 ਫਰਵਰੀ 2026 ਨੂੰ ਪਿੰਡ ਬਰਗਾੜੀ, ਜ਼ਿਲ੍ਹਾ ਫਰੀਦਕੋਟ ਵਿਖੇ ਇੱਕ ਵੱਡਾ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥੀ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।
ਇਸ ਮੈਡੀਕਲ ਕੈਂਪ ਦਾ ਮੁੱਖ ਉਦੇਸ਼ ਪਿੰਡਾਂ ਦੇ ਲੋਕਾਂ ਨੂੰ ਪਰੰਪਰਾਗਤ ਚਿਕਿਤਸਾ ਪੱਧਤੀਆਂ ਰਾਹੀਂ ਸਿਹਤ ਲਾਭ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਅ ਸੰਬੰਧੀ ਜਾਣਕਾਰੀ ਦੇਣਾ ਸੀ। ਕੈਂਪ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਮਰੀਜ਼ਾਂ ਨੇ ਭਰਪੂਰ ਗਿਣਤੀ ਵਿੱਚ ਭਾਗ ਲਿਆ। ਆਯੁਰਵੈਦਿਕ ਅਤੇ ਹੋਮਿਓਪੈਥੀ ਵਿਸ਼ੇਸ਼ਗਿਆਨ ਦੀ ਟੀਮ ਵੱਲੋਂ ਬੁਖ਼ਾਰ, ਜੋੜਾਂ ਦੇ ਦਰਦ, ਪੇਟ ਸੰਬੰਧੀ ਸਮੱਸਿਆਵਾਂ, ਚਮੜੀ ਰੋਗ, ਸਾਂਸ ਦੀਆਂ ਬਿਮਾਰੀਆਂ ਅਤੇ ਹੋਰ ਆਮ ਰੋਗਾਂ ਦੀ ਜਾਂਚ ਕੀਤੀ ਗਈ।
ਕੈਂਪ ਵਿੱਚ ਡਾ. ਤਰੁਣ ਸ਼ਰਮਾ (ਏ.ਐਮ.ਓ.), ਡਾ. ਭਗਵੰਤ ਕੋਰ (ਐਚ.ਐਮ.ਓ.), ਡਾ. ਯਾਦਵਿੰਦਰ ਸਿੰਘ (ਐਚ.ਐਮ.ਓ.), ਹਰਪ੍ਰੀਤ ਸਿੰਘ (ਉਪਵੈਦ), ਸਵਰਨ ਕੋਰ, ਨਵਜੋਤ ਕੋਰ ਅਤੇ ਅਮਿਤਪਾਲ ਸਮੇਤ ਹੋਰ ਸਟਾਫ਼ ਨੇ ਸੇਵਾਵਾਂ ਨਿਭਾਈਆਂ। ਕੁੱਲ 548 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਦੇ ਨਾਲ ਹੀ ਮਰੀਜ਼ਾਂ ਨੂੰ ਸਿਹਤਮੰਦ ਜੀਵਨ ਸ਼ੈਲੀ, ਸੰਤੁਲਿਤ ਆਹਾਰ, ਯੋਗਾ ਅਤੇ ਦਿਨਚਰਿਆ ਬਾਰੇ ਵੀ ਜ਼ਰੂਰੀ ਸਲਾਹਾਂ ਦਿੱਤੀਆਂ ਗਈਆਂ। ਪਿੰਡ ਵਾਸੀਆਂ ਨੇ ਸਿਹਤ ਵਿਭਾਗ ਵੱਲੋਂ ਕੀਤੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਗ੍ਰਾਮੀਣ ਖੇਤਰਾਂ ਵਿੱਚ ਬਹੁਤ ਲਾਭਕਾਰੀ ਸਾਬਤ ਹੋ ਰਹੇ ਹਨ। ਸਿਹਤ ਵਿਭਾਗ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਉਣ ਦਾ ਭਰੋਸਾ ਦਿੱਤਾ।











