ਜਗਰਾਓਂ | ਵਿਸ਼ੇਸ਼ ਰਿਪੋਰਟ: ਦਲਵੀਰ ਸਿੰਘ ਕੂਨਰ
Thank you for reading this post, don't forget to subscribe!ਸਿਸਟਮ ਕੰਪਨੀ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਅਤੇ ਮਨਮਾਨੀ ਦੇ ਖ਼ਿਲਾਫ਼ ਇਲਾਕੇ ਦੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਵੱਲੋਂ ਠੇਕੇਦਾਰਾਂ ਰਾਹੀਂ ਕਿਸਾਨਾਂ ਨੂੰ ਲਗਾਤਾਰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕਾਨੂੰਨੀ ਤੇ ਜਾਇਜ਼ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ।
ਇਸ ਸਬੰਧੀ ਕਿਸਾਨ ਸਭਾ ਦੇ ਆਗੂਆਂ ਵੱਲੋਂ ਜਗਰਾਓਂ ਵਿਖੇ ਇਕੱਠ ਕਰਕੇ ਆਉਣ ਵਾਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਜੇਕਰ ਕੰਪਨੀ ਵੱਲੋਂ ਤੁਰੰਤ ਕਿਸਾਨਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ 9 ਜਨਵਰੀ ਨੂੰ ਜਗਰਾਓਂ ਵਿੱਚ ਵੱਡਾ ਅਤੇ ਇਤਿਹਾਸਕ ਧਰਨਾ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਇਹ ਧਰਨਾ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ ਪਰ ਆਪਣੇ ਹੱਕਾਂ ਲਈ ਕਿਸਾਨ ਕਿਸੇ ਵੀ ਕੀਮਤ ‘ਤੇ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੰਪਨੀ ਵੱਲੋਂ ਕੀਤੀ ਜਾ ਰਹੀ ਜ਼ਬਰਦਸਤੀ ਹੁਣ ਬਰਦਾਸ਼ਤ ਤੋਂ ਬਾਹਰ ਹੋ ਚੁੱਕੀ ਹੈ।
ਇਸ ਮੌਕੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਵੀ ਘੇਰਿਆ ਗਿਆ। ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀ ਚੁੱਪੀ ਕਾਰਨ ਨਿੱਜੀ ਕੰਪਨੀਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ ਅਤੇ ਕਿਸਾਨਾਂ ਦਾ ਸ਼ੋਸ਼ਣ ਵੱਧ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਦਖ਼ਲ ਦੇ ਕੇ ਕਿਸਾਨਾਂ ਨੂੰ ਇਨਸਾਫ਼ ਦਿਵਾਏ।
ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਜਲਦੀ ਹੱਲ ਨਾ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਸਿੱਧੀ ਤੌਰ ‘ਤੇ ਕੰਪਨੀ ਅਤੇ ਸਰਕਾਰਾਂ ਦੀ ਹੋਵੇਗੀ।
ਇਸ ਮੌਕੇ ਦਿਲਬਾਗ ਸਿੰਘ ਚੰਦੀ, ਅਮਰਦੀਪ ਸਿੰਘ, ਮਨਦੀਪ ਸਿੰਘ, ਨਵਦੀਪ ਟੋਨੀ, ਟੀਨੂ ਮਿਗਲਾਨੀ ਸਮੇਤ ਹੋਰ ਕਈ ਕਿਸਾਨ ਆਗੂ ਅਤੇ ਕਿਸਾਨ ਹਾਜ਼ਰ ਸਨ।











