Thank you for reading this post, don't forget to subscribe!
ਫਰੀਦਕੋਟ, 23 ਦਸੰਬਰ ( ) :- ਘਰ ਅਤੇ ਸਕੂਲ ਦਾ ਸ਼ਾਨਦਾਰ ਮਾਹੌਲ ਦੇਖ ਕੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਘਰ ਦੇ ਮਾਲਕ ਅਤੇ ਸਕੂਲ ਦੇ ਪ੍ਰਬੰਧਕ ਸੁਹਿਰਦ ਅਤੇ ਸੂਝਵਾਨ ਹਨ। ‘ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ’ ਵੱਲੋਂ ਨੇੜਲੇ ਪਿੰਡ ਪੱਖੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਡਾ ਮਨਜੀਤ ਸਿੰਘ ਢਿੱਲੋਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਸ ਸਕੂਲ ਦੇ ਪ੍ਰਿੰਸੀਪਲ ਸਮੇਤ ਮਿਹਨਤੀ ਸਟਾਫ ਦੀ ਕਾਰਗੁਜਾਰੀ ਤੋਂ ਮੈਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹਾਂ। ਉਹਨਾਂ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਬਠਿੰਡਾ ਰੋਡ ਕੋਟਕਪੂਰਾ ਵਲੋਂ ਸ਼ੁਰੂ ਕੀਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਕੋਰਸ ਅਤੇ ਕੋਚਿੰਗ ਸੈਂਟਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾ ਨੂੰ ਹੋਰਨਾ ਰਾਜਾਂ ਵਿੱਚ ਡੀ.ਸੀ., ਐਸਐਸਪੀ, ਜੱਜ ਅਤੇ ਇਸ ਰੈਂਕ ਵਾਲੇ ਹੋਰ ਉੱਚ ਅਹੁਦਿਆਂ ’ਤੇ ਦੇਖਣਾ ਚਾਹੁੰਦਾ ਹੈ। ਕਿਉਂਕਿ ਪਹਿਲਾਂ ਪੰਜਾਬ ਦੇ ਨੌਜਵਾਨਾ ਵਿੱਚ ਇਸ ਤਰ੍ਹਾਂ ਦੀ ਕਾਬਲੀਅਤ ਹੁੰਦੀ ਸੀ ਪਰ ਹੁਣ ਹੋਰਨਾ ਰਾਜਾਂ ਦੇ ਨਾਗਰਿਕ ਪੰਜਾਬ ਦੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ। ਸੁਸਾਇਟੀ ਦੇ ਪ੍ਰਧਾਨ ਮਾ. ਅਸ਼ੋਕ ਕੋਸ਼ਲ ਸਮੇਤ ਕੁਲਵੰਤ ਸਿੰਘ ਚਾਨੀ, ਸੋਮਇੰਦਰ ਸੁਨਾਮੀ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਗੁਰਮੀਤ ਸਿੰਘ ਮੀਤਾ ਨੇ ਬੱਚਿਆਂ ਨੂੰ ਤਰੱਕੀ ਦੇ ਸਰੋਤ ਸਮਝਾਉਂਦਿਆਂ ਆਖਿਆ ਕਿ ਮਾੜੀ ਸੁਸਾਇਟੀ ਅਤੇ ਨਸ਼ਿਆਂ ਤੋਂ ਬਚਣ ਵਾਲਾ ਵਿਦਿਆਰਥੀ ਇਕ ਦਿਨ ਵੱਡਾ ਅਫਸਰ ਅਤੇ ਚੰਗਾ ਨਾਗਰਿਕ ਬਣਦਾ ਹੈ। ਉਹਨਾ ਬੱਚਿਆਂ ਨੂੰ ਮਾਪਿਆਂ, ਅਧਿਆਪਕਾਂ ਅਤੇ ਵੱਡਿਆਂ ਦਾ ਸਤਿਕਾਰ ਕਰਨ ਦੇ ਗੁਣ ਪੈਦਾ ਕਰਨ ਅਤੇ ਉਹਨਾ ਤੋਂ ਮਿਲਣ ਵਾਲੇ ਫਾਇਦਿਆਂ ਤੋਂ ਵਿਸਥਾਰ ਵਿੱਚ ਜਾਣੂ ਕਰਵਾਇਆ। ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਦੇ ਵਿਜਟਮ ਕੋਟਾ ਕਲਾਸਾਂ ਦੇ ਡਾਇਰੈਕਟਰ ਵਿਨੋਦ ਵਰਮਾ ਨੇ ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ., ਐਮ.ਬੀ.ਬੀ.ਐਸ., ਵਕੀਲ, ਜੱਜ ਆਦਿਕ ਬਣਨ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ। ਉਹਨਾ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਅਸੰਭਵ ਕੁਝ ਵੀ ਨਹੀਂ, ਜੇਕਰ ਨੌਜਵਾਨ ਪੜਾਈ ਦੇ ਸਮੇਂ ਆਪਣਾ ਧਿਆਨ ਸਿਰਫ ਪੜਾਈ ’ਤੇ ਹੀ ਕੇਂਦਰਿਤ ਕਰਨ ਤਾਂ ਸਭ ਕੁਝ ਸੰਭਵ ਹੈ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਗੋਪਾਲ ਕਿ੍ਸ਼ਨ ਸਟੇਟ/ਨੈਸ਼ਨਲ ਐਵਾਰਡੀ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਬੱਚਿਆਂ ਦੇ ਭਵਿੱਖ ਪ੍ਰਤੀ ਫਿਕਰਮੰਦ ਡਾ ਮਨਜੀਤ ਸਿੰਘ ਢਿੱਲੋਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਹਨਾ ਦਾਅਵਾ ਕੀਤਾ ਕਿ ਜੇਕਰ ਸਮੇਂ ਦੀਆਂ ਸਰਕਾਰਾਂ ਚਾਹੁਣ ਅਰਥਾਤ ਡਾ ਮਨਜੀਤ ਸਿੰਘ ਢਿੱਲੋਂ ਵਰਗੀ ਸੋਚ ਅਪਣਾ ਲੈਣ ਤਾਂ ਪੰਜਾਬ ਰੰਗਲਾ, ਖੁਸ਼ਹਾਲ ਤਾਂ ਹੋਵੇਗਾ ਨਾਲ ਹਰ ਪੱਖੋਂ ਤਰੱਕੀ ਵੀ ਕਰੇਗਾ। ਅੰਤ ਵਿੱਚ ਹੁਸ਼ਿਆਰ ਬੱਚਿਆਂ ਸਮੇਤ ਮੁੱਖ ਮਹਿਮਾਨ ਅਤੇ ਪਿ੍ੰਸੀਪਲ ਦਾ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।











