November 2, 2026 10:42 pm

ਸਪੀਕਰ ਸੰਧਵਾਂ ਨੇ ਪ੍ਰੇਮ ਨਗਰ ਵਿਖੇ 4 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਦਾ ਰੱਖਿਆ ਨੀਂਹ ਪੱਥਰ

ਕੋਟਕਪੂਰਾ, 9 ਨਵੰਬਰ ( ਜਿਲਾ ਇਨਚਾਰਜ ਰਜਿੰਦਰ ਕੁਮਾਰ ਸ਼ਰਮਾ ਰਾਜਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ) :- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਥਾਨਕ ਸਿੱਖਾਂਵਾਲਾ ਰੋਡ ਪ੍ਰੇਮ ਨਗਰ ਵਾਰਡ ਨੰਬਰ 4 ਵਿਖੇ 4 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਦੇ ਰੁਕਣ ਕਾਰਨ ਇਹ ਸੜਕ ਬਹੁਤ ਹੀ ਖ਼ਰਾਬ ਹਾਲਤ ਵਿੱਚ ਸੀ, ਜਿਸ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਆਵਾਜਾਈ ਵਿੱਚ ਕਾਫ਼ੀ ਪ੍ਰੇਸ਼ਾਨੀ ਆਉਂਦੀ ਸੀ। ਹੁਣ ਇਹ ਸੜਕ ਮਜ਼ਬੂਤ ਬੁਨਿਆਦ ਨਾਲ ਤਿਆਰ ਕੀਤੀ ਜਾਵੇਗੀ, ਜਿਸ ਨਾਲ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਮੁੜ ਨਾ ਆਵੇ। ਸਪੀਕਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕ ਬਣਨ ਤੋਂ ਪਹਿਲਾਂ ਹੀ ਆਪਣੇ ਘਰਾਂ ਦੇ ਸੀਵਰੇਜ ਤੇ ਪਾਣੀ ਦੇ ਕੁਨੈਕਸ਼ਨ ਲੈ ਲੈਣ, ਤਾਂ ਜੋ ਨਵੀਂ ਬਣੀ ਸੜਕ ਨੂੰ ਕੱਟਣ ਦੀ ਲੋੜ ਨਾ ਪਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੜਕ ਬਣਨ ਤੋਂ ਬਾਅਦ ਕਿਸੇ ਨੇ ਕਨੈਕਸ਼ਨ ਲਈ ਸੜਕ ਕੱਟੀ, ਤਾਂ ਉਸਦੀ ਮੁਰੰਮਤ ਦਾ ਖ਼ਰਚਾ ਸਬੰਧਤ ਵਿਅਕਤੀ ਤੋਂ ਹੀ ਵਸੂਲਿਆ ਜਾਵੇਗਾ। ਸਪੀਕਰ ਸੰਧਵਾਂ ਨੇ ਕਿਹਾ ਕਿ ਕੋਟਕਪੂਰਾ ਸ਼ਹਿਰ ਦੇ ਹਰ ਵਾਰਡ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਰੋਸ਼ਨੀ, ਪਾਣੀ ਸਪਲਾਈ, ਸੀਵਰੇਜ ਪ੍ਰਣਾਲੀ ਅਤੇ ਸੜਕਾਂ ਦੀ ਮੁਰੰਮਤ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸਥਾਨਕ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਬਚਾਉਣ ਵਾਲੇ ਉਤਪਾਦਾਂ ਦੀ ਵਰਤੋਂ ਵਧਾਉਣ ਤੇ ਰੰਗਲਾ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਕੌਂਸਲਰ ਸਿਮਰਨਜੀਤ ਸਿੰਘ, ਨਰੇਸ਼ ਸਿੰਗਲਾ, ਮਨਜੀਤ ਸ਼ਰਮਾ, ਕੌਂਸਲਰ ਸਵਤੰਤਰ ਜੋਸ਼ੀ, ਮਿਹਰ ਸਿੰਘ ਚੰਨੀ, ਜਸਪ੍ਰੀਤ ਕੌਰ, ਪ੍ਰਿੰਸ ਬਹਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ।

Thank you for reading this post, don't forget to subscribe!

और पढ़ें

Cricket Live Score

Corona Virus

Rashifal

और पढ़ें