ਸੁਸਾਇਟੀ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ’
Thank you for reading this post, don't forget to subscribe!ਹੁਣ ਵਿਦਿਆਰਥੀਆਂ ਕੋਲ ਵੱਡੇ ਅਫਸਰ ਬਨਣ ਦੇ ਸੁਨਹਿਰੀ ਮੌਕੇ : ਸਪੀਕਰ ਸੰਧਵਾਂ
ਕੋਟਕਪੂਰਾ, 5 ਮਈ (ਜਿਲ੍ਾ ਇੰਚਾਰਜ ਰਾਜਾ ਸ਼ਰਮਾ ਕੈਮਰਾਮੈਨ ਅਸ਼ੋਕ ਕੁਮਾਰ ਦੂਆ ) :- ਨੇੜਲੇ ਪਿੰਡ ਸੰਧਵਾਂ ਦੇ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਅਧਿਆਪਕਾਂ ਅਤੇ ਸਮੁੱਚੇ ਸਟਾਫ ਸਮੇਤ ਵਾਅਦਾ ਕੀਤਾ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣਗੇ, ਪਟਾਕੇ ਅਤੇ ਆਤਿਸ਼ਬਾਜੀ ਤੋਂ ਗੁਰੇਜ ਕਰਨਗੇ, ਪ੍ਰਦੂਸ਼ਣ ਨਹੀਂ ਫੈਲਾਉਣਗੇ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਉਪਰੋਕਤ ਸਕੂਲ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁੱਖ ਮਹਿਮਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਬਿਮਾਰੀਆਂ ਤੋਂ ਗ੍ਰਸਤ ਬੱਚਿਆਂ ਦੀ ਪੈਦਾਵਾਰ ਚਿੰਤਾ ਅਤੇ ਫਿਕਰਮੰਦੀ ਦਾ ਸੰਕੇਤ ਹੈ। ਉਹਨਾ ਪਾਣੀ ਦੀ ਬੱਚਤ, ਮੀਂਹ ਦੇ ਪਾਣੀ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ, ਬੂਟਿਆਂ/ਦਰੱਖਤਾਂ ਦੀ ਸੰਭਾਲ ਵਰਗੇ ਅਨੇਕਾਂ ਨੁਕਤਿਆਂ ਦੀ ਸਾਂਝ ਪਾਉਂਦਿਆਂ ਅਤੇ ਅੰਕੜਿਆਂ ਸਹਿਤ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਉਪਰਾਲਿਆਂ ਵਿੱਚ ਯੋਗਦਾਨ ਪਾਉਣ ਲਈ ਵਾਤਾਵਰਣ ਦੀ ਸੰਭਾਲ ਬਹੁਤ ਜਰੂਰੀ ਹੈ। ਸਪੀਕਰ ਸੰਧਵਾਂ ਨੇ ਆਖਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਨੇ ਆਪਣੇ ਬਜਟ ਦਾ 25 ਫੀਸਦੀ ਅਰਥਾਤ ਚੌਥਾ ਹਿੱਸਾ ਐਜੂਕੇਸ਼ਨ ਉਪਰ ਖਰਚ ਦਿੱਤਾ ਹੈ, ਹੁਣ ਪੰਜਾਬ ਭਰ ਦੇ ਵਿਦਿਆਰਥੀ/ਵਿਦਿਆਰਥਣਾ ਕੋਲ ਵੱਡੇ ਅਫਸਰ ਬਨਣ ਦੇ ਅਨੇਕਾਂ ਸੁਨਹਿਰੀ ਮੌਕੇ ਹਨ। ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬਤੌਰ ਮੁੱਖ ਵਕਤਾ ਦੱਸਿਆ ਕਿ ਅੱਜ ਧਾਰਮਿਕ ਅਸਥਾਨਾ ਅਤੇ ਵਿਦਿਅਕ ਅਦਾਰਿਆਂ ਤੋਂ ਵੀ ਜਿਆਦਾ ਗਿਣਤੀ ਮੈਡੀਕਲ ਦੁਕਾਨਾ ਅਤੇ ਹਸਪਤਾਲਾਂ ਦੀ ਹੋਣ ਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਅਤੇ ਨਵੀਂ ਪੀੜੀ ਨੂੰ ਵੀ ਇਸ ਦਾ ਖਮਿਆਜਾ ਜਰੂਰ ਭੁਗਤਣਾ ਪਵੇਗਾ, ਇਸ ਲਈ ਵਾਤਾਵਰਨ ਦੀ ਸੰਭਾਲ ਜਰੂਰੀ ਹੈ। ਉਹਨਾਂ ਅੰਕੜਿਆਂ ਸਹਿਤ ਦਲੀਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਦਰਤ ਨਾਲ ਖਿਲਵਾੜ ਅਤੇ ਵਾਤਾਵਰਨ ਪਲੀਤ ਕਰਨ ਵਾਲੀਆਂ ਸਾਡੀਆਂ ਆਦਤਾਂ ਕਾਰਨ ਭਿਆਨਕ ਬਿਮਾਰੀਆਂ ਦੀ ਆਮਦ ਹੋ ਰਹੀ ਹੈ। ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਖਾਲਸਾ ਅਤੇ ਹਰਵਿੰਦਰ ਸਿੰਘ ਮਰਵਾਹ ਨੇ ਦਰਿਆਵਾਂ ਦੇ ਪਲੀਤ ਹੋ ਰਹੇ ਪਾਣੀਆਂ, ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ, ਜੰਗਲਾਂ ਦੀ ਘੱਟ ਰਹੀ ਗਿਣਤੀ, ਜਲਗਾਹਾਂ ਦੇ ਰਕਬੇ ਦੀ ਘਾਟ, ਹਵਾ ਦੇ ਪ੍ਰਦੂਸ਼ਣ ਦਾ ਪੈਮਾਨਾ, ਜਲਵਾਯੂ ਪਰਿਵਰਤਨ, ਰੇਹਾਂ ਅਤੇ ਸਪਰੇਆਂ, ਸ਼ੋਰ ਪ੍ਰਦੂਸ਼ਣ, ਪਟਾਕੇ/ਆਤਿਸ਼ਬਾਜੀਆਂ ਅਤੇ ਪਰਾਲੀ ਨੂੰ ਲੱਗਦੀਆਂ ਅੱਗਾਂ ਦਾ ਧੂੰਆਂ, ਵਾਹਨਾ ਅਤੇ ਉਦਯੋਗਿਕ ਇਕਾਈਆਂ ਦਾ ਪ੍ਰਦੂਸ਼ਣ ਵਰਗੀਆਂ ਅਨੇਕਾਂ ਉਦਾਹਰਨਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਬੜਾ ਭਿਆਨਕ ਅਤੇ ਖਤਰਨਾਕ ਹੋਵੇਗਾ। ਇਸ ਮੌਕੇ ਪਿ੍ਰੰਸੀਪਲ ਰਾਜੇਸ਼ ਕੁਮਾਰ ਸ਼ਰਮਾ ਨੇ ਸਪੀਕਰ ਸੰਧਵਾਂ ਸਮੇਤ ਸਾਰੇ ਮਹਿਮਾਨਾ ਨੂੰ ਜੀ ਆਇਆਂ ਆਖ ਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਉਪਰਾਲਿਆਂ ਅਤੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਮੰਨਿਆ ਕਿ ਉਹਨਾ ਦੇ ਸਕੂਲ ਵਿੱਚ ਇਸ ਤੋਂ ਪਹਿਲਾਂ ਅਜਿਹਾ ਕੋਈ ਵੀ ਵਾਤਾਵਰਨ ਸਬੰਧੀ ਗਿਆਨਵਰਧਕ ਸੈਮੀਨਾਰ ਨਹੀਂ ਹੋਇਆ। ਸੁਸਾਇਟੀ ਦੇ ਸਰਗਰਮ ਮੈਂਬਰਾਂ ਇੰਜ. ਜਗਤਾਰ ਸਿੰਘ ਗਿੱਲ, ਇੰਸ. ਹਰੀਸ਼ ਵਰਮਾ, ਰਾਜਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਸੰਧੂ, ਡਾ. ਸਤਵਿੰਦਰ ਸਿੰਘ ਗਿੱਲ, ਗੋਗੀ ਬਰਾੜ, ਸੁਨੀਲ ਕੁਮਾਰ ਬਿੱਟਾ ਗਰੋਵਰ ਆਦਿ ਮੁਤਾਬਿਕ ਇਸ ਮੌਕੇ ਬੱਚਿਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਮੁਫਤ ਵੰਡੀਆਂ ਗਈਆਂ। ਜਦਕਿ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। ਉਹਨਾ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦਾ ਸਮੁੱਚਾ ਕੰਪਲੈਕਸ ‘ਜਾਗਾਂਗੇ ਜਗਾਵਾਂਗੇ-ਵਾਤਾਵਰਨ ਬਚਾਵਾਂਗੇ’ ਦੇ ਨਾਹਰਿਆਂ ਨਾਲ ਗੂੰਜ਼ ਉੱਠਿਆ।











