(ਪੱਤਰਕਾਰ ਦਲਵੀਰ ਸਿੰਘ ਕੂਨਰ)
Thank you for reading this post, don't forget to subscribe!
ਮੁਕੇਰੀਆਂ, 7 ਮਾਰਚ — ਆਉਣ ਵਾਲੀ ਮੋਗਾ ਵਿੱਚ ਹੋਣ ਜਾ ਰਹੀ ‘ਬਦਲਾਅ ਰੈਲੀ’ ਨੂੰ ਕਾਮਯਾਬ ਬਣਾਉਣ ਲਈ ਹਲਕਾ ਮੁਕੇਰੀਆਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਹਲਕਾ ਮੁਕੇਰੀਆਂ ਦੇ ਮੰਡਲ ਨੰਗਲ ਅਤੇ ਮੰਡਲ ਦਗਨ ਵਿੱਚ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਕਾਰਕੁਨਾਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਮੋਗਾ ਵਿੱਚ ਹੋ ਰਹੀ ਬਦਲਾਅ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਸਾਬਤ ਹੋਵੇਗੀ ਅਤੇ ਲੋਕਾਂ ਨੂੰ ਬਦਲਾਅ ਦਾ ਸਪਸ਼ਟ ਸੰਦੇਸ਼ ਦੇਵੇਗੀ। ਆਗੂਆਂ ਨੇ ਕਿਹਾ ਕਿ ਭਾਜਪਾ ਦੇ ਕਾਰਕੁਨ ਹਰ ਪਿੰਡ ਅਤੇ ਹਰ ਬੂਥ ਪੱਧਰ ’ਤੇ ਲੋਕਾਂ ਨਾਲ ਸੰਪਰਕ ਕਰਕੇ ਰੈਲੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਮਕਸਦ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਭਾਰਨਾ ਅਤੇ ਉਨ੍ਹਾਂ ਦੇ ਹੱਲ ਲਈ ਮਜ਼ਬੂਤ ਅਵਾਜ਼ ਬਣਨਾ ਹੈ। ਇਸ ਮੌਕੇ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਲੋਕਾਂ ਨੂੰ ਰੈਲੀ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਅਤੇ ਵੱਡੀ ਗਿਣਤੀ ਵਿੱਚ ਮੋਗਾ ਪਹੁੰਚਣ ਲਈ ਪ੍ਰੇਰਿਤ ਕਰਨ।
ਇਸ ਮੌਕੇ ਹਲਕਾ ਵਿਧਾਇਕ ਸ੍ਰੀ ਜੰਗੀ ਲਾਲ ਮਹਾਜਨ, ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈ ਕੌਸ਼ਲ ਸੇਠੂ, ਮੰਡਲ ਪ੍ਰਧਾਨ ਮਨੋਜ ਕੁਮਾਰ ਸਮੇਤ ਹੋਰ ਕਈ ਪਾਰਟੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਮੁਕੇਰੀਆਂ ਹਲਕੇ ਤੋਂ ਵੱਡੀ ਗਿਣਤੀ ਵਿੱਚ ਕਾਰਕੁਨ ਮੋਗਾ ਦੀ ਬਦਲਾਅ ਰੈਲੀ ਵਿੱਚ ਸ਼ਿਰਕਤ ਕਰਕੇ ਇਸ ਨੂੰ ਇਤਿਹਾਸਕ ਬਣਾਉਣਗੇ।

ਮੀਟਿੰਗ ਦੇ ਅੰਤ ਵਿੱਚ ਸਾਰੇ ਵਰਕਰਾਂ ਨੇ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਮੋਗਾ ਵਿੱਚ ਹੋਣ ਵਾਲੀ ਬਦਲਾਅ ਰੈਲੀ ਨੂੰ ਕਾਮਯਾਬ ਬਣਾਉਣ ਦਾ ਸੰਕਲਪ ਵੀ ਲਿਆ।











