ਵਰ੍ਹੇਗੰਢ ਮੌਕੇ ਸਵੈਇਛੁੱਕ ਖੂਨਦਾਨ ਕੈਂਪ ਦੌਰਾਨ 11 ਯੂਨਿਟ ਖੂਨ ਇਕੱਤਰ*
Thank you for reading this post, don't forget to subscribe!
ਕੋਟਕਪੂਰਾ, 1 ਦਸੰਬਰ ( ) :– ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮੁਦੱਈ, ਮਨੁੱਖੀ ਹੱਕਾਂ ਦੇ ਰਖਵਾਲੇ ਅਤੇ ਪੰਥ ਦੀ ਚੜਦੀਕਲਾ ਦੇ ਪ੍ਰਤੀਕ ਬਣ ਚੁੱਕੇ ਅਖਬਾਰ ‘ਰੋਜ਼ਾਨਾ ਸਪੋਕਸਮੈਨ’ਦੇ ਸਾਰੇ ਉਪਰਾਲੇ ਪ੍ਰਸੰਸਾਯੋਗ ਅਤੇ ਪ੍ਰੇਰਨਾਸਰੋਤ ਹੁੰਦੇ ਹਨ। ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ‘ਰੋਜ਼ਾਨਾ ਸਪੋਕਸਮੈਨ’ ਦੇ 20 ਸਾਲ ਪੂਰੇ ਹੋਣ ਅਤੇ 21ਵੇਂ ਸਾਲ ਵਿੱਚ ਦਾਖਲਾ ਲੈਣ ਦੀ ਖੁਸ਼ੀ ਵਿੱਚ ਲਾਏ ਗਏ ਸਵੈਇਛੁੱਕ ਖੂਨਦਾਨ ਕੈਂਪ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਲੋਕ ਵੱਡੇ-ਵੱਡੇ ਪੈਲੇਸਾਂ ਜਾਂ ਹੋਟਲਾਂ ਵਿੱਚ ਵਾਧੂ ਖਰਚਾ ਕਰਕੇ ਵਰੇਗੰਢ ਮਨਾਉਂਦੇ ਹਨ ਪਰ ਏਕਸ ਕੇ ਬਾਰਕ ਦੇ ਕਨਵੀਨਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ, ਗੁਰਮੀਤ ਸਿੰਘ ਮੀਤਾ ਅਤੇ ਜ਼ਿਲਾ ਇੰਚਾਰਜ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਵੱਡਮੁੱਲੀ ਅਤੇ ਉਸਾਰੂ ਸੋਚ ਕਰਕੇ ‘ਰੋਜ਼ਾਨਾ ਸਪੋਕਸਮੈਨ’ ਦੀ ਵਰ੍ਹੇਗੰਢ ਖੂਨਦਾਨ ਕੈਂਪ ਲਾ ਕੇ ਮਨਾਈ ਗਈ। ਵਿਸ਼ੇਸ਼ ਮਹਿਮਾਨਾ ਵਜੋਂ ਸ਼ਾਮਲ ਹੋਏ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਸਾਧੂ ਰਾਮ ਕੁਸਲਾ ਓ.ਐੱਸ.ਡੀ. ਸਪੀਕਰ ਸੰਧਵਾਂ ਅਤੇ ਕੌਂਸਲਰ ਸਿਮਰਨਜੀਤ ਸਿੰਘ ਨੇ ਆਖਿਆ ਕਿ ਦਾਨੀ ਸੱਜਣਾ ਵਲੋਂ ਜਿੱਥੇ ਦਾਨ ਕੀਤੇ ਖੂਨ ਨਾਲ ਅਨੇਕਾਂ ਲੋੜਵੰਦਾਂ ਮਰੀਜਾਂ ਦੀਆਂ ਜਾਨਾ ਬਚਣਗੀਆਂ, ਉੱਥੇ ਇਸ ਤੋਂ ਹੋਰਨਾ ਨੂੰ ਵੀ ਪੇ੍ਰਰਨਾ ਮਿਲਣੀ ਸੁਭਾਵਿਕ ਹੈ। ਸਹਿਯੋਗੀ ਸੰਸਥਾ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਥੈਲੇਸੀਮੀਆਂ ਪ੍ਰੋਜੈਕਟ ਦੇ ਇੰਚਾਰਜ ਰੱਜਤ ਛਾਬੜਾ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾ ਸਮੇਤ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ, ਚੇਅਰਮੈਨ ਬਲਜੀਤ ਸਿੰਘ ਖੀਵਾ ਅਤੇ ਪ੍ਰੋਜੈਕਟ ਇੰਚਾਰਜ ਰਵੀ ਅਰੋੜਾ ਦੀ ਅਗਵਾਈ ਹੇਠ ਦਸੰਬਰ ਦਾ ਸਾਰਾ ਮਹੀਨਾ ਖੂਨਦਾਨ ਕੈਂਪ ਲਾਉਣ ਸਬੰਧੀ ਜਾਣਕਾਰੀ ਦਿੰਦਿਆਂ ਇਸਤਰੀ ਵਿੰਗ ਦੀ ਪ੍ਰਧਾਨ ਮੈਡਮ ਮਨਜੀਤ ਕੌਰ ਨੰਗਲ ਮੁਤਾਬਿਕ ਦਸੰਬਰ ਦਾ ਮਹੀਨਾ ਗੁਰੂ ਜੀ ਦੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਕੇ 1001 ਯੂਨਿਟ ਇਕੱਤਰ ਕਰਨ ਦਾ ਟੀਚਾ ਰੱਖ ਕੇ ਖੂਨਦਾਨ ਕੈਂਪਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ, ਜਿਸ ਦੀ ਅੱਜ ਰੋਜ਼ਾਨਾ ਸਪੋਕਸਮੈਨ ਦੀ ਵਰ੍ਹੇਗੰਢ ਮੌਕੇ ਸ਼ੁਰੂਆਤ ਕਰ ਦਿੱਤੀ ਗਈ ਹੈ। ਮੈਡਮ ਨੀਰੂ ਪੁਰੀ ਅਤੇ ਬੀਬਾ ਮਾਹੀ ਵਰਮਾ ਨੇ ਦੱਸਿਆ ਕਿ ਇਸ ਮੌਕੇ 11 ਯੂਨਿਟ ਇਕੱਤਰ ਹੋਏ ਅਤੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਬੀਟੀਓ ਡਾ. ਸੁਪਰੀਤ ਕੌਰ, ਸੁਖਵਿੰਦਰ ਸਿੰਘ ਐਲ.ਟੀ. ਅਤੇ ਸਟਾਫ ਨਰਸ ਕਿਰਨਪ੍ਰੀਤ ਕੌਰ ਦਾ ਭਰਪੂਰ ਸਹਿਯੋਗ ਰਿਹਾ।











