ਪੀਐਨਪੀ ਨਿਊਜ਼ | ਕੋਟਕਪੂਰਾ (ਫਰੀਦਕੋਟ)
Thank you for reading this post, don't forget to subscribe!
ਕੋਟਕਪੂਰਾ, 20 ਜੁਲਾਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਸ਼ਹਿਰ ਦੇ ਤਿੰਨ ਵਾਰਡਾਂ ਵਿੱਚ ਕਰੀਬ 53 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਨੀਂਹ ਪੱਥਰ ਰੱਖੇ। ਇਹ ਕੰਮ ਵਾਰਡ ਨੰਬਰ 2, 6 ਅਤੇ 8 ਵਿੱਚ ਕਰਵਾਏ ਜਾਣਗੇ, ਜਿਸ ਨਾਲ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਦੀ ਉਡੀਕ ਕਰ ਰਹੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਇਨ੍ਹਾਂ ਵਿਕਾਸ ਕਾਰਜਾਂ ਤਹਿਤ ਵਾਰਡ ਨੰਬਰ 2 ਦੀ 8 ਆਰ ਗਲੀ, ਵਾਰਡ ਨੰਬਰ 6 ਦੇ ਬਖ਼ਸ਼ੀਸ਼ ਨਗਰ ਦੀਆਂ ਗਲੀਆਂ ਨੰਬਰ 1, 2 ਅਤੇ 3, ਜੋਗੇ ਭੱਠੇ ਵਾਲੀ ਗਲੀ ਅਤੇ ਵਾਰਡ ਨੰਬਰ 8 ਦੀ ਕੋਠੇ ਡੋਕ ਵਾਲੀ ਗਲੀ ਦਾ ਨਿਰਮਾਣ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਾਰਡ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਾਰਡਾਂ ਵਿੱਚ ਵੀ ਗਲੀਆਂ, ਸੜਕਾਂ ਅਤੇ ਹੋਰ ਜਨਤਕ ਸਹੂਲਤਾਂ ਦੇ ਕੰਮ ਸ਼ੁਰੂ ਕੀਤੇ ਜਾਣਗੇ।
ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ (ਗੈਰੀ) ਵੜਿੰਗ ਨੇ ਕਿਹਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਨਗਰ ਕੌਂਸਲ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਹਰ ਵਾਰਡ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ।
ਸਮਾਗਮ ਵਿੱਚ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਤਖੀ, ਮੀਤ ਪ੍ਰਧਾਨ ਅਨੀਤਾ ਅਰੋੜਾ ਦੇ ਪਤੀ ਰਾਜਾ ਠੇਕੇਦਾਰ, ਕੌਂਸਲਰ ਰੋਮਾ ਬਰਾੜ, ਨਰੇਸ਼ ਸਿੰਗਲਾ, ਪ੍ਰਿੰਸ ਬਹਿਲ, ਮਨਤਾਰ ਸਿੰਘ ਮੱਕੜ, ਪੱਪੂ ਨੰਬਰਦਾਰ, ਹਰਪ੍ਰੀਤ ਸਿੰਘ ਮੁਹਾਰ, ਡਾ. ਰਜਿੰਦਰ ਸਮੇਤ ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਜਿਨ੍ਹਾਂ ਗਲੀਆਂ ਦਾ ਨਿਰਮਾਣ ਹੁਣ ਸ਼ੁਰੂ ਹੋਇਆ ਹੈ, ਉਹ ਪਿਛਲੇ 20 ਤੋਂ 25 ਸਾਲਾਂ ਤੋਂ ਬਣਨ ਦੀ ਉਡੀਕ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਲੀਆਂ ਦੇ ਬਣਨ ਨਾਲ ਆਵਾਜਾਈ ਸੁਗਮ ਹੋਵੇਗੀ ਅਤੇ ਵੱਖ-ਵੱਖ ਵਾਰਡਾਂ ਵਿਚਕਾਰ ਸੰਪਰਕ ਵੀ ਹੋਰ ਬਿਹਤਰ ਬਣੇਗਾ। ਲੋਕਾਂ ਨੇ ਇਸ ਮੰਗ ਨੂੰ ਪੂਰਾ ਕਰਨ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਨਗਰ ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ (ਗੈਰੀ) ਵੜਿੰਗ ਦਾ ਧੰਨਵਾਦ ਕੀਤਾ।
ਰਿਪੋਰਟ:ਰਾਜਾ ਸ਼ਰਮਾ, ਜ਼ਿਲ੍ਹਾ ਇੰਚਾਰਜ (ਪੰਜਾਬ)
ਕੈਮਰਾਮੈਨ: ਅਸ਼ੋਕ ਕੁਮਾਰ ਦੂਆ PNP NEWS











