ਸਭਾਪਤੀ ਸਰਵਜੀਤ ਕੌਰ ਮਾਣੂੰਕੇ ਨੇ ਕੈਦੀਆਂ ਦੀ ਮਾਫ਼ੀ ਮਾਮਲੇ
ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਲਿਜਾਣ ਦਾ ਦਿੱਤਾ ਭਰੋਸਾ
(ਪੰਜਾਬ ਮੀਡੀਆ ਇੰਚਾਰਜ ਦਲਵੀਰ ਸਿੰਘ ਕੂਨਰ)
ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਬਣੀ ਕਮੇਟੀ ਨੇ, ਲੁਧਿਆਣਾ ਦੀ ਕੇਂਦਰੀ ਜੇਲ੍ਹ, ਬੋਰਸਟਲ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਗਹਿਰਾਈ ਨਾਲ ਨਿਰੀਖਣ ਕੀਤਾ। ਕਮੇਟੀ ਦੀ ਅਗਵਾਈ ਜਗਰਾਉਂ ਤੋਂ ਵਿਧਾਇਕ ਅਤੇ ਕਮੇਟੀ ਦੀ ਸਭਾਪਤੀ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਨੇ ਕੀਤੀ, ਜਿਨ੍ਹਾਂ ਦੇ ਨਾਲ ਅੰਮ੍ਰਿਤਸਰ ਪੱਛਮੀ ਤੋਂ ਡਾ. ਜਸਬੀਰ ਸਿੰਘ ਸੰਧੂ, ਬਠਿੰਡਾ ਦਿਹਾਤੀ ਤੋਂ ਇੰਜੀਨੀਅਰ ਅਮਿਤ ਰਤਨ, ਭੁੱਚੋ ਤੋਂ ਮਾਸਟਰ ਜਗਸੀਰ ਸਿੰਘ, ਨਵਾਂ ਸ਼ਹਿਰ ਤੋਂ ਡਾ. ਨੱਛਤਰ ਪਾਲ, ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਅਤੇ ਬਾਬਾ ਬਕਾਲਾ ਤੋਂ ਦਲਬੀਰ ਸਿੰਘ ਟੌਂਗ ਵੀ ਮੌਜੂਦ ਸਨ।
ਕਮੇਟੀ ਨੇ ਜੇਲ੍ਹਾਂ ਵਿੱਚ ਰਿਹਾਸ਼ ਵਾਲੀਆਂ ਬੈਰਕਾਂ, ਰਸੋਈ, ਭੋਜਨ ਪ੍ਰਣਾਲੀ, ਸਫਾਈ, ਪਖਾਨੇ ਅਤੇ ਹੋਰ ਸਹੂਲਤਾਂ ਦੀ ਵਿਸਥਾਰ ਨਾਲ ਜਾਂਚ ਕੀਤੀ। ਉਨ੍ਹਾਂ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ, ਖਾਸ ਕਰਕੇ ਉਨ੍ਹਾਂ ਨੇ ਮਾਫ਼ੀ (ਰਿਮਿਸ਼ਨ) ਨਾ ਮਿਲਣ ਦੀ ਗੱਲ ਰੱਖੀ। ਸਭਾਪਤੀ ਮਾਣੂੰਕੇ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਲੈ ਕੇ ਜਾਣਗੇ, ਤਾਂ ਜੋ ਉਚਿਤ ਫੈਸਲਾ ਲਿਆ ਜਾ ਸਕੇ।
ਕਮੇਟੀ ਨੇ ਜੇਲ੍ਹ ਹਸਪਤਾਲ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਓਪੀਡੀ ਕਲੀਨਿਕ, ਏਚ.ਆਈ.ਵੀ. ਥੈਰੇਪੀ, ਟੀ.ਬੀ. ਇਲਾਜ ਅਤੇ ਕਾਉਂਸਲਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਨੇ ਕੈਦੀਆਂ ਲਈ ਵਧੀਆ ਸਿਹਤ ਸਹੂਲਤਾਂ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਅਤੇ ਵਾਸ਼ਰੂਮਾਂ ਦੀ ਸੰਭਾਲ ਬਾਰੇ ਵੀ ਗੰਭੀਰਤਾ ਨਾਲ ਗੱਲਬਾਤ ਕੀਤੀ।
ਇਸ ਤੋਂ ਇਲਾਵਾ, ਕਮੇਟੀ ਨੇ ਜੇਲ੍ਹ ਦੇ ਆਲੇ-ਦੁਆਲੇ ਉਦਯੋਗ ਖੇਤਰ ਦਾ ਵੀ ਜਾਇਜ਼ਾ ਲਿਆ, ਜਿੱਥੇ ਉਨ੍ਹਾਂ ਨੇ ਰਸਾਇਣਾਂ ਦੀ ਪਛਾਣ ਕਰਨ ਅਤੇ ਆਫ਼ਤ ਪ੍ਰਬੰਧਨ ਯੋਜਨਾਵਾਂ ਬਾਰੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕੈਦੀਆਂ ਲਈ ਵਕਰੀ-ਵਕਰੀ ਹੁਨਰ ਸਿਖਲਾਈ ਵਰਕਸ਼ਾਪਾਂ ਦਾ ਵੀ ਨਿਰੀਖਣ ਕੀਤਾ, ਜਿਵੇਂ ਕਿ ਬੇਕਰੀ, ਵੈਲਡਿੰਗ, ਪਾਵਰਲੂਮ, ਬੁਣਾਈ, ਲੱਕੜ ਦਾ ਕੰਮ ਅਤੇ ਟੇਲਰਿੰਗ।
ਕਮੇਟੀ ਨੇ ਜਨਾਨਾ ਜੇਲ੍ਹ ਵਿੱਚ ਬੰਦ ਮਹਿਲਾਵਾਂ ਨਾਲ ਵੀ ਗੱਲਬਾਤ ਕੀਤੀ, ਉਨ੍ਹਾਂ ਦੀ ਸਿਹਤ, ਖਾਣ ਪੀਣ ਅਤੇ ਅਦਾਲਤੀ ਕਾਰਵਾਈ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਕੈਦੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਵੀ ਦਿੱਤੀ, ਤਾਂ ਜੋ ਜੇਲ੍ਹ ਵਿੱਚ ਲੱਗੇ ਲੀਗਲ ਏਡ ਕਲੀਨਿਕ ਰਾਹੀਂ ਉਹ ਆਪਣੀ ਕਾਨੂੰਨੀ ਮਦਦ ਲੈ ਸਕਣ।
ਆਖਰ ਵਿੱਚ, ਕਮੇਟੀ ਨੇ ਜੇਲ੍ਹ ਦੇ ਵਿਜ਼ਟਰ ਰਜਿਸਟਰ ਵਿੱਚ ਆਪਣੇ ਸੁਝਾਅ ਦਰਜ ਕੀਤੇ, ਅਤੇ ਜੇਲ੍ਹ ਪ੍ਰਸ਼ਾਸਨ ਨੂੰ ਇਹ ਨਿਰਦੇਸ਼ ਦਿੱਤੇ ਕਿ ਉਹ ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣ, ਕੈਦੀਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿੱਚ ਕੋਈ ਕਮੀ ਨਾ ਰੱਖਣ।











