(ਪੱਤਰਕਾਰ ਦਲਵੀਰ ਸਿੰਘ ਕੂਨਰ)
ਪਿੰਡ ਜਨਤਾ ਨਗਰ ਵਿੱਚ ਨਾੜ ਨੂੰ ਅੱਗ ਲਗਾਉਣ ਦੇ ਮਾਮਲੇ ਨੇ ਉਸ ਵੇਲੇ ਗੰਭੀਰ ਰੂਪ ਧਾਰ ਲਿਆ ਜਦੋਂ ਸਥਾਨਕ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਦੋਸ਼ ਲਗਾਏ ਗਏ। ਜਾਣਕਾਰੀ ਅਨੁਸਾਰ ਲੰਬੜਦਾਰ ਹਰਨੇਕ ਸਿੰਘ ਅਤੇ ਸਰਪੰਚੀ ਗੁਰਬਸ਼ ਕੌਰ ਪਤੀ ਕੁਲਦੀਪ ਸਿੰਘ ਵੱਲੋਂ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਗਈ, ਜਿਸ ਨਾਲ ਇਲਾਕੇ ਵਿੱਚ ਧੂੰਏਂ ਅਤੇ ਪ੍ਰਦੂਸ਼ਣ ਦਾ ਮਾਹੌਲ ਬਣ ਗਿਆ।
ਮਾਮਲੇ ਸਬੰਧੀ ਵੱਲੋਂ ਤੁਰੰਤ ਥਾਣਾ ਨੂਰਮਹਿਲ ਦੇ ਐਸ.ਐਚ.ਓ. ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫੋਨ ਨਹੀਂ ਚੁੱਕਿਆ ਗਿਆ। ਇਸ ਤੋਂ ਬਾਅਦ ਥਾਣੇ ਦੇ ਮੁਣਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੁਲਿਸ ਮੁਲਾਜ਼ਮ ਮੌਕੇ ‘ਤੇ ਭੇਜੇ ਜਾ ਰਹੇ ਹਨ। ਪਰ ਇੱਕ ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਵੀ ਪੁਲਿਸ ਕਰਮਚਾਰੀ ਮੌਕੇ ‘ਤੇ ਨਹੀਂ ਪਹੁੰਚਿਆ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਐਸ.ਪੀ. ਜਲੰਧਰ ਨਾਲ ਵੀ ਗੱਲ ਕੀਤੀ ਗਈ। ਦੋਸ਼ ਹੈ ਕਿ ਉਥੋਂ ਇਹ ਕਿਹਾ ਗਿਆ ਕਿ ਪਹਿਲਾਂ ਪਟਵਾਰੀ ਵੱਲੋਂ ਰਿਪੋਰਟ ਬਣਾਈ ਜਾਵੇਗੀ, ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇ। ਇਸ ਗੱਲ ਨੂੰ ਲੈ ਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਜਦੋਂ ਖੁੱਲ੍ਹੇਆਮ ਨਾੜ ਸਾੜੀ ਜਾ ਰਹੀ ਸੀ ਤਾਂ ਪੁਲਿਸ ਤੁਰੰਤ ਕਾਰਵਾਈ ਕਰਨ ਦੀ ਬਜਾਏ ਹੋਰ ਵਿਭਾਗਾਂ ਦਾ ਹਵਾਲਾ ਕਿਉਂ ਦੇ ਰਹੀ ਹੈ।
ਪਿੰਡ ਵਾਸੀਆਂ ਅਤੇ ਸਮਾਜਿਕ ਆਗੂਆਂ ਦਾ ਕਹਿਣਾ ਹੈ ਕਿ ਨਾੜ ਸਾੜਨ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਸਰਕਾਰ ਵੱਲੋਂ ਇਸ ‘ਤੇ ਪਾਬੰਦੀ ਵੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਜੇਕਰ ਪ੍ਰਸ਼ਾਸਨ ਸਮੇਂ ਸਿਰ ਕਾਰਵਾਈ ਨਹੀਂ ਕਰਦਾ ਤਾਂ ਇਹ ਕਾਨੂੰਨ ਦੀ ਉਲੰਘਣਾ ਨੂੰ ਵਧਾਵਾ ਦੇਣ ਦੇ ਬਰਾਬਰ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਾੜ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਪੁਲਿਸ ਦੀ ਲਾਪਰਵਾਹੀ ਦੀ ਵੀ ਜਾਂਚ ਐਸ ਐਚ ਓ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ











