ਚੰਡੀਗੜ੍ਹ |(ਪੱਤਰਕਾਰ ਦਲਵੀਰ ਸਿੰਘ ਕਨੂਰ)
Thank you for reading this post, don't forget to subscribe!ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੀ ਰਾਤ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਸਮੇਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਹੋਰ ਆਗੂਆਂ ਦੀ ਗ੍ਰਿਫ਼ਤਾਰੀ ਨੂੰ ਕਿਸਾਨ ਮਜ਼ਦੂਰ ਮੋਰਚਾ (KMM) ਨੇ ਕੜੇ ਸ਼ਬਦਾਂ ਵਿੱਚ ਨਿੰਦਿਆ ਹੈ। KMM ਨੇ ਕਿਹਾ ਕਿ ਇਹ ਕਾਰਵਾਈ ਸਰਕਾਰ ਦੀ ਕਾਇਰਾਨਾ, ਦਬਾਉਂਵਾਦੀ ਅਤੇ ਲੋਕਤੰਤਰ ਵਿਰੋਧੀ ਸੋਚ ਨੂੰ ਸਾਫ਼ ਤੌਰ ‘ਤੇ ਬੇਨਕਾਬ ਕਰਦੀ ਹੈ।
ਮੋਰਚੇ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਜਿਹੜੀ ਸਰਕਾਰ ਆਪਣੇ ਆਪ ਨੂੰ “ਕਿਸਾਨ-ਹਿਤੈਸ਼ੀ” ਕਹਿੰਦੀ ਸੀ, ਉਹੀ ਅੱਜ ਕਿਸਾਨਾਂ ਦੀ ਆਵਾਜ਼ ਨੂੰ ਹੱਥਕੜੀਆਂ ਪਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀਆਂ, ਧਮਕੀਆਂ ਅਤੇ ਪੁਲਿਸੀ ਜ਼ੋਰ ਨਾਲ ਕਿਸਾਨ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ।
KMM ਨੇ ਸਰਕਾਰ ਨੂੰ ਸਾਫ਼ ਚੇਤਾਵਨੀ ਦਿੰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ—ਜਿਹੜੀਆਂ ਸਰਕਾਰਾਂ ਲੋਕੀ ਆੰਦੋਲਨਾਂ ਤੋਂ ਡਰ ਕੇ ਦਬਾਉਂ ਦਾ ਰਸਤਾ ਅਪਣਾਉਂਦੀਆਂ ਹਨ, ਉਹ ਅਖ਼ੀਰਕਾਰ ਲੋਕਾਂ ਦੀ ਅਦਾਲਤ ਵਿੱਚ ਜਵਾਬਦੇਹ ਬਣਦੀਆਂ ਹਨ। ਮੋਰਚੇ ਨੇ ਐਲਾਨ ਕੀਤਾ ਕਿ ਮਜੀਠਾ ਵਿੱਚ ਘੋਸ਼ਿਤ ਕੀਤੀ ਗਈ ਕਾਰਵਾਈ ਹਰ ਕੀਮਤ ‘ਤੇ ਕੀਤੀ ਜਾਵੇਗੀ ਅਤੇ ਨਾ ਗ੍ਰਿਫ਼ਤਾਰੀਆਂ, ਨਾ ਹੀ ਧਮਕੀਆਂ ਇਸ ਸੰਘਰਸ਼ ਨੂੰ ਰੋਕ ਸਕਣਗੀਆਂ।
ਕਿਸਾਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੇ ਹੁਕਮ ਮੰਨਣ ਵਾਲੇ ਮੁੱਖ ਮੰਤਰੀ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਵਾਂਗ ਬਰਤਾਓ ਕਰਨ। KMM ਨੇ ਸਪਸ਼ਟ ਕੀਤਾ ਕਿ ਜੇ ਸਰਕਾਰ ਟਕਰਾਅ ਦਾ ਰਾਹ ਚੁਣਦੀ ਹੈ ਤਾਂ ਉਸਦੇ ਨਤੀਜਿਆਂ ਦੀ ਪੂਰੀ ਜ਼ਿੰਮੇਵਾਰੀ ਸਰਕਾਰ ‘ਤੇ ਹੀ ਹੋਵੇਗੀ ਅਤੇ ਇਨਸਾਫ਼ ਮਿਲਣ ਤੱਕ ਕਿਸਾਨ ਸੰਘਰਸ਼ ਜਾਰੀ ਰਹੇਗਾ।











